Proverbs 16

1ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ਬਾਨੋ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ । 2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸ਼ੁੱਧ ਹੈ, ਪਰ ਯਹੋਵਾਹ ਮਨਾਂ ਨੂੰ ਜਾਚਦਾ ਹੈ ।

3ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇ, ਤਾਂ ਤੇਰੇ ਮਨੋਰਥ ਪੂਰੇ ਹੋਣਗੇ । 4ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਮਕਸਦ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ।

5ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਮੈਂ ਦਲੇਰੀ ਨਾਲ ਆਖਦਾ ਹਾਂ ਕਿ ਅਜਿਹੇ ਲੋਕ ਬਿਨ੍ਹਾਂ ਸਜ਼ਾ ਤੋਂ ਨਾ ਛੁੱਟਣਗੇ । 6ਦਯਾ ਅਤੇ ਸਚਿਆਈ ਨਾਲ ਕੁਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਬਚੇ ਰਹਿੰਦੇ ਹਨ ।

7ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਾਉਂਦਾ ਹੈ । 8ਧਰਮ ਨਾਲ ਥੋੜਾ ਜਿਹਾ ਲਾਭ ਬੇਇਮਾਨੀ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ ।

9ਆਦਮੀ ਦੇ ਮਨ ਦੇ ਵਿਚਾਰ ਉਹ ਦੇ ਰਾਹਾਂ ਨੂੰ ਠਹਿਰਾਉਂਦੇ ਹਨ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ । 10ਰਾਜੇ ਦੇ ਮੂੰਹ ਤੋਂ ਸਵਰਗੀ ਬਚਨ ਨਿੱਕਲਦਾ ਹੈ, ਨਿਆਂ ਕਰਨ ਦੇ ਸਮੇਂ ਉਹ ਦਾ ਮੂੰਹ ਭੁੱਲ ਨਹੀਂ ਕਰਦਾ ।

11ਸੱਚੀ ਤੱਕੜੀ ਦੇ ਪੱਲੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ । 12ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ, ਕਿਉਂ ਜੋ ਧਰਮ ਨਾਲ ਹੀ ਉਨ੍ਹਾਂ ਦੀ ਗੱਦੀ ਦਾ ਟਿਕਾਓ ਹੁੰਦਾ ਹੈ ।

13ਧਰਮੀ ਦੇ ਬੋਲਾਂ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ । 14ਰਾਜੇ ਦਾ ਗੁੱਸਾ ਮੌਤ ਦੇ ਦੂਤ ਵਰਗਾ ਹੈ, ਪਰ ਬੁੱਧਵਾਨ ਮਨੁੱਖ ਉਹ ਨੂੰ ਠੰਡਾ ਕਰਦਾ ਹੈ ।

15ਰਾਜੇ ਦੇ ਮੁੱਖ ਦੀ ਚਮਕ ਵਿੱਚ ਜੀਵਨ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੀ ਆਖਰੀ ਬੱਦਲੀ ਵਰਗੀ ਹੁੰਦੀ ਹੈ । 16ਬੁੱਧ ਦੀ ਪ੍ਰਾਪਤੀ ਚੋਖੇ ਸੋਨੇ ਨਾਲੋਂ ਕਿੰਨੀ ਉੱਤਮ ਹੈ, ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ ।

17ਬੁਰਿਆਈ ਤੋਂ ਦੂਰ ਰਹਿਣਾ ਸਚਿਆਰਾਂ ਦੇ ਲਈ ਰਾਜ ਮਾਰਗ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ । 18ਨਾਸ਼ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਆਉਂਦੀ ਹੈ ।

19ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਕੰਗਾਲਾਂ ਦੇ ਨਾਲ ਨੀਵਾਂ ਹੋ ਕੇ ਰਹਿਣਾ ਚੰਗਾ ਹੈ । 20ਜਿਹੜਾ ਬਚਨ ਉੱਤੇ ਮਨ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੋਵੇਗਾ !

21ਜਿਹੜਾ ਬੁੱਧਵਾਨ ਹੈ ਉਹ ਸਮਝਦਾਰ ਕਹਾਉਂਦਾ ਹੈ, ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵੱਧ ਜਾਂਦੀ ਹੈ । 22ਬੁੱਧਵਾਨ ਦੇ ਲਈ ਬੁੱਧ ਜੀਵਨ ਦਾ ਸੋਤਾ ਹੈ, ਪਰ ਮੂਰਖਾਂ ਨੂੰ ਸਿਖਾਉਣਾ ਮੂਰਖਤਾਈ ਹੀ ਹੈ ।

23ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੋਲਾਂ ਵਿੱਚ ਗਿਆਨ ਹੁੰਦਾ ਹੈ । 24ਮਨਭਾਉਂਦੇ ਬਚਨ ਸ਼ਹਿਦ ਦੇ ਛੱਤੇ ਵਾਂਗੂੰ ਹਨ, ਉਹ ਜਾਨ ਨੂੰ ਮਿੱਠੇ ਲੱਗਦੇ ਹਨ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ ।

25ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਹੈ । 26ਮਜ਼ਦੂਰ ਦੀ ਲਾਲਸਾ ਉਸ ਤੋਂ ਮਜ਼ਦੂਰੀ ਕਰਾਉਂਦੀ ਹੈ, ਉਹ ਦੀ ਭੁੱਖ ਉਹ ਨੂੰ ਉਭਾਰਦੀ ਹੈ ।

27ਕੁਧਰਮੀ ਮਨੁੱਖ ਬੁਰਿਆਈ ਦੀਆਂ ਯੋਜਨਾਂਵਾਂ ਬਣਾਉਂਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ । 28ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਆਪਣੇ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ ।

29ਹਨ੍ਹੇਰ ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ । 30ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁੱਟਣ ਵਾਲਾ ਬੁਰਿਆਈ ਕਰ ਛੱਡਦਾ ਹੈ ।

31ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ । 32ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ ।

ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਦਾ ਫੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ ।

33

Copyright information for PanULB